Thursday, April 30, 2015

ਤਹਿ ਤੋੜ ਹਲ ਨਾਲ ਖੇਤਾਂ ਦੀ ਵਹਾਈ ਖੋਲੇਗੀ ਜਮੀਨ ਦੀ ਬੰਦ ਕਿਸਮਤ ਦੇ ਤਾਲੇ

ਖੇਤੀਬਾੜੀ ਵਿਭਾਗ ਵੱਲੋਂ ਪਿਛਲੇ ਸਾਲ ਤਹਿ ਤੋੜ ਹੱਲ ਨਾਲ ਵਹਾਈ ਦੇ ਕੀਤੇ ਤਜਰਬਿਆਂ ਦੀ ਸਫਲਤਾ ਤੋਂ ਬਾਅਦ ਇਕ ਵਾਰ ਫਿਰ ਵਿਭਾਗ ਨੇ ਇਸ ਵਾਰ ਝੋਨੇ ਅਤੇ ਨਰਮੇ ਦੀ ਬਿਜਾਈ ਤੋਂ ਪਹਿਲਾਂ ਤਹਿ ਤੋੜ ਹਲ ਨਾਲ ਵਹਾਈ ਲਈ ਮੁਹਿੰਮ ਆਰੰਭੀ ਹੈ। ਪਿਛਲੇ ਸਾਲ ਵਿਭਾਗ ਨੇ 4 ਤਹਿ ਤੋੜ ਹੱਲ ਖਰੀਦ ਕੇ ਕਿਸਾਨਾਂ ਨੂੰ ਉਪਲਬੱਧ ਕਰਵਾਏ ਸਨ ਜਦ ਕਿ ਸਹਿਕਾਰੀ ਸਭਾਵਾਂ ਨੇ ਵੀ ਕਿਰਾਏ ਤੇ ਕਿਸਾਨਾਂ ਨੂੰ ਉਪਲਬੱਧ ਕਰਵਾਉਣ ਲਈ ਇਹ ਹੱਲ ਜ਼ਿਲੇ ਵਿਚ ਖਰੀਦੇ ਸਨ। ਇਹ ਜਾਣਕਾਰੀ ਜ਼ਿਲਾ ਖੇਤੀਬਾੜੀ ਅਫ਼ਸਰ ਡਾ: ਬੇਅੰਤ ਸਿੰਘ ਨੇ ਅੱਜ ਇੱਥੇ ਦਿੱਤੀ।
ਡਾ: ਬੇਅੰਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਸਾਉਣੀ ਅਤੇ ਹਾੜੀ ਤੋਂ ਪਹਿਲਾਂ ਜ਼ਿਲੇ ਵਿਚ 1000 1000 ਏਕੜ ਖੇਤਾਂ ਵਿਚ ਤਹਿ ਤੋੜ ਹੱਲ ਨਾਲ ਜਮੀਨ ਦੀ ਵਹਾਈ ਕੀਤੀ ਗਈ ਹੈ। ਉਨਾਂ ਕਿਹਾ ਕਿ ਵਰਿਆਂ ਤੋਂ ਖੇਤਾਂ ਦੀ ਡੁੰਘੀ ਵਹਾਈ ਨਹੀਂ ਕੀਤੀ ਗਈ ਸਗੋਂ ਹਰ ਸਾਲ ਝੋਨਾ ਲਾਉਣ ਤੋਂ ਪਹਿਲਾਂ ਖੇਤਾਂ ਨੂੰ ਕੱਦੂ ਕਰਕੇ ਜਮੀਨ ਨੂੰ ਕਰੜਾ ਕੀਤਾ ਜਾਂਦਾ ਹੈ ਤਾਂ ਜੋ ਪਾਣੀ ਧਰਤੇ ਦੇ ਹੇਠ ਨਾ ਜਾਵੇ। ਇਸ ਕਾਰਨ ਲਗਭਗ 6 ਇੰਚ ਥੱਲੇ ਇਕ ਸਖ਼ਤ ਤਹਿ ਬਣ ਗਈ ਹੈ ਜਿਸ ਕਾਰਨ ਜਿੱਥੇ ਜਮੀਨ ਵਿਚਲੇ ਖਾਰੇ ਤੱਤ ਥੱਲੇ ਨਹੀਂ ਜਾਂਦੇ ਉੱਥੇ ਨਰਮੇ ਦੀਆਂ ਜੜਾਂ ਵੀ ਡੁੰਘੀਆਂ ਨਹੀਂ ਜਾ ਪਾਊਂਦੀਆਂ। ਜਿਸ ਕਾਰਨ ਫਸਲਾਂ ਦੇ ਝਾੜ ਵਿਚ ਖੜੋਤ ਆ ਗਈ ਹੈ। ਇਸੇ ਤਰਾਂ ਜ਼ਿਲੇ ਵਿਚ ਮਾਮੂਲੀ ਬਾਰਿਸਾਂ ਨਾਲ ਵੀ ਖੇਤਾਂ ਵਿਚ ਪਾਣੀ ਖੜਾ ਹੋ ਜਾਣ ਨਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ। ਇਸ ਲਈ ਪਿਛਲੇ ਸਾਲ ਦੇ ਨਤੀਜਿਆਂ ਨੂੰ ਵੇਖਦਿਆਂ ਵਿਭਾਗ ਨੇ ਤਹਿ ਤੋੜ ਹਲ ਨਾਲ ਵਹਾਈ ਹੋਰ ਵਧੇਰੇ ਰਕਬੇ ਵਿਚ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਤਹਿ ਤੋੜ ਹੱਲ ਨਾਲ ਵਹਾਈ ਕਰਨ ਲਈ ਵਿਭਾਗ ਤੋਂ ਵੀ ਹਲ ਪ੍ਰਾਪਤ ਕਰ ਸਕਦੇ ਹਨ। ਇਹ ਵਿਧੀ ਸੇਮ ਮਾਰੀਆਂ ਜਮੀਨਾਂ ਦੇ ਸੁਧਾਰ ਲਈ ਵੀ ਵਿਸੇਸ਼ ਤੌਰ ਤੇ ਕਾਰਗਾਰ ਹੈ। 
ਇਥੇ ਇਹ ਵੀ ਜਿਕਰਯੋਗ ਹੈ ਕਿ ਸਬ ਸੁਆਇਲਰ ਚਲਾਉਣ ਨਾਲ ਫਸਲਾਂ ਦੀ ਉਗਣ ਸ਼ਕਤੀ ਤੇ ਬਹੁਤ ਚੰਗਾ ਪ੍ਰਭਾਵ ਪੈਦਾ ਹੈ। ਜਿਸ ਨਾਲ ਫਸਲਾਂ ਦੇ ਝਾੜ ਵਿੱਚ ਚਮਤਕਾਰੀ ਇਜਾਫਾ ਹੁੰਦਾ ਹੈ। ਜਿਲੇ ਦੇ ਸਹਾਇਕ ਖੇਤੀਬਾੜੀ ਇੰਜੀਨੀਅਰ ਸ੍ਰੀ ਅਭੈਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸਬ ਸੁਆਇਲਰ ਨਾਲ ਤਕਰੀਬਨ 1.50 ਤੋ 2.00 ਫੁੱਟ ਤੱਕ ਡੁੰਘੀ ਵਹਾਈ ਕਰਵਾਈ ਜਾ ਸਕਦੀ ਹੈ। ਜਿਸ ਨਾਲ ਜਮੀਨ ਦੀ ਸਖਤ ਤਹਿ ਟੁੱਟਣ ਨਾਲ ਪਾਣੀ ਆਸਾਨੀ ਨਾਲ ਜੀਰ ਜਾਂਦਾ ਹੈ ਅਤੇ ਜਮੀਨ ਵਾਹੀਯੋਗ ਬਣਾਈ ਜਾ ਸਕਦੀ ਹੈ। ਇਸ ਸਬੰਧੀ ਵਿਭਾਗ ਵੱਲੋਂ ਕਿਸਾਨਾਂ ਦੇ ਖੇਤਾਂ ਵਿਚ ਡੈਮੋ ਲਗਾਏ ਜਾ ਰਹੇ ਹਨ। ਖੇਤਾਂ ਦਾ ਨਿਰੀਖਣ ਕਰਨ ਸਮੇ ਸ੍ਰੀ ਅਭੈਜੀਤ ਸਿੰਘ ਧਾਲੀਵਾਲ, ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਸ੍ਰੀ ਮੁਕਤਸਰ ਸਾਹਿਬ ਜੀ ਦੇ ਨਾਲ ਡਾ. ਸੁਖਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਮਲੋਟ, ਡਾ. ਜਸਵੀਰ ਸਿੰਘ ਗੁੰਮਟੀ ਖੇਤੀਬਾੜੀ ਵਿਕਾਸ ਅਫਸਰ ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਸਤਵਿੰਦਰ ਸਿੰਘ, ਟੈਕਨੀਸੀਅਨ ਆਦਿ ਵੀ ਹਾਜਰ ਸਨ।

No comments:

Post a Comment